‘ਅੰਤਰਰਾਸ਼ਟਰੀ ਮਹਿਲਾ ਦਿਵਸ’ ਦੇ ਅਵਸਰ ਤੇ ਅੱਜ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਇੱਕ ‘ਚੇਤਨਾ ਰੈਲੀ’ ਕੱਢੀ ਗਈ ਜਿਸ ਨੂੰ ਡਾ. ਹਰਸ਼ਿੰਦਰ ਕੌਰ, ਸਰਗਰਮ ਸਮਾਜਕ ਕਾਰਕੁੰਨ ਅਤੇ ਡਿਪਟੀ ਮੈਡੀਕਲ ਸੁਪਰਡੰਟ, ਰਾਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ| ਡਾ. ਰਾਜੀਵ ਸ਼ਰਮਾ, ਪ੍ਰੋਫੈਸਰ ਜਗਦੀਪ ਕੌਰ ਤੇ ਪ੍ਰੋਫ਼ੇਸਰ ਹਰਮੋਹਨ ਸ਼ਰਮਾ, ਪ੍ਰੋਗਰਾਮ ਅਫਸਰਾਂ ਦੀ ਅਗਵਾਈ ਵਿੱਚ ਕਾਲਜ ਦੇ ਲਗਭਗ 500 ਲੜਕੇ ਅਤੇ ਲੜਕੀਆਂ ਨੇ ਮੋਦੀ ਕਾਲਜ ਤੋਂ ਫੁਹਾਰਾ ਚੌਂਕ ਤੱਕ ਔਰਤਾਂ ਦੇ ਸ਼ਕਤੀਕਰਨ ਦੇ ਹੱਕ ਵਿੱਚ ਨਾਹਰੇ ਮਾਰਦੇ ਇਹ ਰੈਲੀ ਕੱਢੀ|
ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਾ.ਹਰਸ਼ਿੰਦਰ ਕੌਰ ਨੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਬਾਰੇ ਦੱਸਿਆ ਕਿ ਭਰੂਣ ਹੱਤਿਆ, ਬਲਾਤਕਾਰ, ਘਰੇਲੂ ਹਿੰਸਾ, ਲੜਕੀਆਂ ਵਿੱਚ ਅਨਪੜ੍ਹਤਾ ਤੇ ਲਿੰਗ-ਭੇਦ ਵਰਗੀਆਂ ਬੁਰਾਈਆਂ ਨੇ ਪੂਰੇ ਦੇਸ਼ ਨੂੰ ਦੁਨੀਆਂ ਭਰ ਵਿੱਚ ਬਦਨਾਮ ਕੀਤਾ ਹੈ| ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਮੱਸਿਆਵਾਂ ਬਾਰੇ ਆਪ ਤਾਂ ਗੰਭੀਰ ਹੋਣ ਹੀ, ਆਪਣੇ ਆਲੇ ਦੁਆਲੇ ਵਿੱਚ ਵੀ ਇਹਨਾਂ ਬਾਰੇ ਜਾਗਰੂਕਤਾ ਫੈਲਾਉਣ ਤਾਂ ਕਿ ਭਾਵਿੱਖ ਦੇ ਸਮਾਜ ਵਿੱਚ ਔਰਤ ਵਰਗ ਨਾਲ ਕਿਸੇ ਕਿਸਮ ਦਾ ਵਿਤਕਰਾ ਨਾ ਹੋਵੇ ਤੇ ਉਸਨੂੰ ਆਪਣੀ ਸਮਰੱਥਾ ਅਨੁਸਾਰ ਵਧਣ-ਫੁੱਲਣ ਦੇ ਸੁਤੰਤਰ ਮੌਕੇ ਮਿਲਣ|
ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਔਰਤਾਂ ਦੀ ਆਜ਼ਾਦੀ, ਖੁਸ਼ਹਾਲੀ ਅਤੇ ਉਨ੍ਹਾਂ ਦੇ ਸ਼ਕਤੀਕਰਨ ਵਿੱਚ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੈ| ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਕਿਤਾਬੀ ਗਿਆਨ ਹਾਸਲ ਕਰਨ ਦੇ ਨਾਲ ਨਾਲ ਉਹ ਸਮਾਜ ਵਿਚੋਂ ਰੂੜੀਵਾਦੀ ਸੋਚ ਨੂੰ ਬਦਲਣ ਲਈ ਵੀ ਹੰਭਲਾ ਮਾਰਨ ਤਾਂ ਹੀ ਸਹੀ ਮਾਅਨਿਆਂ ਵਿੱਚ ਔਰਤ ਨੂੰ ਸਮਾਜ ਵਿੱਚ ਬਰਾਬਰੀ ਦਾ ਦਰਜਾ ਮਿਲ ਸਕਦਾ ਹੈ|ਡਾ. ਖੁਸ਼ਵਿੰਦਰ ਕੁਮਾਰ ਨੇ ਇਹ ਵੀ ਕਿਹਾ ਕਿ ਭਾਵੇਂ ਕੁਝ ਪ੍ਰਤੀਸ਼ਤ ਔਰਤਾਂ ਨੇ ਸਮਾਜ ਵਿੱਚ ਬਹੁਤ ਅਹਿਮ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ ਪਰ ਔਰਤਾਂ ਦਾ ਵੱਡਾ ਹਿੱਸਾ ਵਿਕਾਸ ਦੇ ਲਾਭਾਂ ਤੋਂ ਵੰਚਿਤ ਹੀ ਰਿਹਾ ਹੈ ਤੇ ਉਸ ਨੂੰ ਵਧਣ-ਫੁੱਲਣ ਦੇ ਮੌਕੇ ਨਹੀਂ ਮਿਲੇ|
ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕਾਲਜ ਦੇ ਅਧਿਆਪਕ ਅਤੇ ਕਰਮਚਾਰੀ ਵੀ ਸ਼ਾਮਲ ਹੋਏ| ਇਸ ‘ਚੇਤਨਾ ਰੈਲੀ’ ਦੇ ਆਯੋਜਨ ਲਈ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲਾ ਪੁਲਿਸ ਵੱਲੋਂ ਲੋੜੀਂਦੇ ਬੰਦੋਬਸਤ ਵੀ ਕੀਤੇ ਗਏ ਸਨ|